ਸ਼ਹੀਦੀ ਹਫ਼ਤੇ ਦੌਰਾਨ ਸ਼ਹਾਦਤ ਦਾ ਦਰਦ ਮਹਿਸੂਸ ਕਰਨ ਭੁੰਜੇ ਸੌਂਦੇ ਹਨ ਸ਼ਰਧਾਲੂ, ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਕਰਦੇ ਹਨ ਸਿਜਦਾ
ਤਿੰਨ ਸਦੀਆਂ ਪਹਿਲਾਂ ਪੰਜਾਬ ਦਾ ਹਰ ਸਿੱਖ ਪਰਿਵਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੋਹ ਦੇ ਮਹੀਨੇ ਜ਼ਮੀਨ ‘ਤੇ ਸੌਂਦਾ ਸੀ। ਅੱਜ ਵੀ ਬਹੁਤ ਸਾਰੇ ਪਰਿਵਾਰ ਜ਼ਮੀਨ ‘ਤੇ ਸੌਂਦੇ ਹਨ। ਸ਼ਹੀਦੀ ਸਭਾ ਦੌਰਾਨ ਵੱਖ-ਵੱਖ ਥਾਵਾਂ ਤੋਂ ਆਉਣ ਵਾਲੇ ਜ਼ਿਆਦਾਤਰ ਸਿੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਦੀਆਂ ਸਰਾਵਾਂ ਵਿਚ ਵੀ ਜ਼ਮੀਨ ‘ਤੇ ਸੌਂਦੇ ਹਨ।
Publish Date: Sun, 21 Dec 2025 10:20 AM (IST)
Updated Date: Sun, 21 Dec 2025 10:24 AM (IST)
ਪਰਗਟ ਸਿੰਘ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੋਹ ਦਾ ਮਹੀਨਾ ਸਭ ਤੋਂ ਠੰਢਾ ਮਹੀਨਾ ਮੰਨਿਆ ਜਾਂਦਾ ਹੈ, ਇਸ ਦੌਰਾਨ ਠੰਢ ਤੋਂ ਬਚਣ ਲਈ ਲੋਕ ਆਪਣੇ ਘਰਾਂ, ਦਫਤਰਾਂ ਅਤੇ ਵਾਹਨਾਂ ਵਿਚ ਹੀਟਰਾਂ ਦੀ ਵਰਤੋਂ ਕਰਦੇ ਹਨ। ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਚ 1704 ਵਿਚ 11 ਪੋਹ ਤੋਂ 13 ਪੋਹ ਦੌਰਾਨ ਹੋਈ ਲਾਸਾਨੀ ਸ਼ਹਾਦਤ ਬਾਰੇ ਜਾਣ ਕੇ ਅੱਜ ਵੀ ਹਰ ਰੂਹ ਕੰਬ ਉੱਠਦੀ ਹੈ। ਅੱਤ ਦੀ ਠੰਢ ਦੌਰਾਨ ਹੋਈ ਸ਼ਹਾਦਤ ਦਾ ਅਹਿਸਾਸ ਕਰਨ ਲਈ ਜ਼ਿਆਦਾਤਰ ਸਿੱਖ ਪਰਿਵਾਰ ਸਦੀਆਂ ਤੋਂ ਸ਼ਹਾਦਤ ਦੇ ਇਨ੍ਹਾਂ ਦਿਨਾਂ ਦੌਰਾਨ ਜ਼ਮੀਨ ’ਤੇ ਸੌਂਦੇ ਆ ਰਹੇ ਹਨ। ਇਹ ਰਵਾਇਤ ਕਿਤੇ-ਕਿਤੇ ਹਾਲੇ ਵੀ ਨਿਭਾਈ ਜਾਂਦੀ ਹੈ।
ਸਿੱਖ ਇਤਿਹਾਸ ਵੱਲ ਝਾਤ ਮਾਰੀਏ ਤਾਂ ਅੱਜ ਤੋਂ 321 ਸਾਲ ਪਹਿਲਾਂ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਹੰਸਲਾ ਨਦੀ ਦੇ ਕੰਢੇ 140 ਫੁੱਟ ਉੱਚੇ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਸੀ ਤੇ ਉਨ੍ਹਾਂ ਦਿਨਾਂ ਵਿਚ ਅੱਤ ਦੀ ਠੰਡ ਤੇ ਹੰਸਲਾ ਨਦੀ ਦੇ ਪਾਣੀ ਨਾਲ ਉੱਠਦੀ ਸੀਤ ਲਹਿਰ ਨੇ ਆਪਣਾ ਕਹਿਰ ਮਚਾਇਆ ਹੋਇਆ ਸੀ। ਹਕੂਮਤ ਦੇ ਜਬਰ ਕਾਰਨ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ, ਜਿਸ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਵੀ ਆਪਣੇ ਸਵਾਸ ਤਿਆਗ ਦਿੱਤੇ ਸਨ। ਕੜਾਕੇ ਦੀ ਠੰਡ ਵਿਚ ਸਿੱਖ ਪਰਿਵਾਰ ਦੁੱਖ ਪ੍ਰਗਟ ਕਰਨ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹਾਦਤ ਦੇ ਉਨ੍ਹਾਂ ਦਿਨਾਂ ਨੂੰ ਮੁੜ ਯਾਦ ਕਰਨ ਲਈ ਅਜਿਹਾ ਕਰਦੇ ਹਨ। ਤਿੰਨ ਸਦੀਆਂ ਪਹਿਲਾਂ ਪੰਜਾਬ ਦਾ ਹਰ ਸਿੱਖ ਪਰਿਵਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੋਹ ਦੇ ਮਹੀਨੇ ਜ਼ਮੀਨ ‘ਤੇ ਸੌਂਦਾ ਸੀ। ਅੱਜ ਵੀ ਬਹੁਤ ਸਾਰੇ ਪਰਿਵਾਰ ਜ਼ਮੀਨ ‘ਤੇ ਸੌਂਦੇ ਹਨ। ਸ਼ਹੀਦੀ ਸਭਾ ਦੌਰਾਨ ਵੱਖ-ਵੱਖ ਥਾਵਾਂ ਤੋਂ ਆਉਣ ਵਾਲੇ ਜ਼ਿਆਦਾਤਰ ਸਿੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਦੀਆਂ ਸਰਾਵਾਂ ਵਿਚ ਵੀ ਜ਼ਮੀਨ ‘ਤੇ ਸੌਂਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਔਰਤਾਂ ਵੀ ਫਰਸ਼ ‘ਤੇ ਸੌਂਦੀਆਂ ਹਨ। ਸ਼ਹੀਦੀ ਹਫ਼ਤੇ ਦੌਰਾਨ ਧਰਤੀ ’ਤੇ ਸੌਣ ਵਾਲੇ ਬਾਬਾ ਊਧਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾ ਤੋਂ ਇਨ੍ਹਾਂ ਦਿਨਾਂ ਦੌਰਾਨ ਭੁੰਜੇ ਸੌਂਦੇ ਹਨ। ਉਨ੍ਹਾਂ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸ਼ਾਨੀ ਸਹਾਦਤ ਨੂੰ ਦੁਨੀਆ ਭਰ ਵਿਚ ਨਮਨ ਕੀਤਾ ਜਾਂਦਾ ਹੈ ਤਾਂ ਉਹ ਵੀ ਧਰਤੀ ’ਤੇ ਸੌ ਕੇ ਸ਼ਰਧਾਂਜਲੀ ਅਰਪਣ ਕਰਦੇ ਹਨ।