‘ਅਲੌਕਿਕ ਸ਼ਕਤੀਆਂ ਦੱਸ ਕੇ ਇੱਕ ਇਮਾਮ ਨੇ ਮੇਰਾ ਰੇਪ ਕੀਤਾ’, 11 ਸਾਲ ਤੱਕ ਕਈ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਾ ਕਿਵੇਂ ਫੜਿਆ ਗਿਆ
‘ਅਲੌਕਿਕ ਸ਼ਕਤੀਆਂ ਦੱਸ ਕੇ ਇੱਕ ਇਮਾਮ ਨੇ ਮੇਰਾ ਰੇਪ ਕੀਤਾ’, 11 ਸਾਲ ਤੱਕ ਕਈ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਾ ਕਿਵੇਂ ਫੜਿਆ ਗਿਆ
ਚੇਤਾਵਨੀ: ਇਸ ਲੇਖ ਵਿੱਚ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੇ ਅਜਿਹੇ ਵੇਰਵੇ ਸ਼ਾਮਲ ਹਨ, ਜੋ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
“ਆਰੀਆ” (ਬਦਲਿਆ ਹੋਇਆ ਨਾਮ) 13 ਸਾਲ ਦੇ ਸਨ, ਜਦੋਂ ਇੱਕ ਇਮਾਮ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ। ਇਮਾਮ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਸਦਾ “ਇਲਾਜ” ਕਰ ਰਿਹਾ ਹੈ।
ਪੂਰਬੀ ਲੰਡਨ ਦੀ ਇੱਕ ਮਸਜਿਦ ਵਿੱਚ ਇੱਕ ਸਨਮਾਨਿਤ ਧਾਰਮਿਕ ਆਗੂ, ਅਬਦੁਲ ਹਲੀਮ ਖਾਨ, ਛੋਟੀਆਂ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਹਿੰਦਾ ਸੀ ਕਿ ਉਨ੍ਹਾਂ ਨੂੰ “ਬੁਰੀਆਂ ਰੂਹਾਂ” ਤੋਂ ਬਚਾਅ ਲਈ “ਇਲਾਜ” ਦੀ ਲੋੜ ਹੈ।
ਕੁੜੀਆਂ ‘ਤੇ ਹਮਲਾ ਕਰਨ ਤੋਂ ਬਾਅਦ ਉਹ ਕੁੜੀਆਂ ਨੂੰ ਚੇਤਾਵਨੀ ਦਿੰਦਾ ਸੀ ਕਿ ਜੇਕਰ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਕਥਿਤ ਇਲਾਜ ਦਾ ਅਸਰ ਖਤਮ ਹੋ ਜਾਵੇਗਾ, ਉਨ੍ਹਾਂ ਨੂੰ ਸ਼ਰਾਪ ਲੱਗੇਗਾ ਜਾਂ ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਕਾਲੇ ਜਾਦੂ ਨਾਲ ਕੋਈ ਆਫ਼ਤ ਆ ਜਾਵੇਗੀ।
ਆਰੀਆ ਕਹਿੰਦੇ ਹਨ, “ਮੈਨੂੰ ਸੱਚਮੁੱਚ ਵਿਸ਼ਵਾਸ ਸੀ ਕਿ ਉਸ ਕੋਲ ਅਲੌਕਿਕ ਸ਼ਕਤੀਆਂ ਹਨ।”
ਉਹ ਦੱਸਦੇ ਹਨ ਕਿ ਖਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਕਦੇ ਵੀ ਇਸ ਦੁਰਵਿਵਹਾਰ ਬਾਰੇ ਕਿਸੇ ਨਾਲ ਗੱਲ ਕੀਤੀ ਤਾਂ “ਮੇਰੇ ਅਤੇ ਮੇਰੇ ਪਰਿਵਾਰ ਨਾਲ ਕੁਝ ਬਹੁਤ ਬੁਰਾ ਹੋਵੇਗਾ।” ਅਤੇ ਇਹ ਸਭ ਝੱਲਣ ਵਾਲੇ ਉਹ ਇਕੱਲੇ ਨਹੀਂ ਸਨ।
ਖਾਨ ਨੇ 11 ਸਾਲਾਂ ਦੌਰਾਨ ਸੱਤ ਮਹਿਲਾਵਾਂ ਅਤੇ ਕੁੜੀਆਂ ਦਾ ਇਸੇ ਤਰ੍ਹਾਂ ਜਿਨਸੀ ਸ਼ੋਸ਼ਣ ਕੀਤਾ। ਉਸਦੀ ਸਭ ਤੋਂ ਘੱਟ ਉਮਰ ਦੀ ਪੀੜਤ ਸਿਰਫ਼ 12 ਸਾਲ ਦੀ ਸੀ।
ਉਹ ਉਨ੍ਹਾਂ ਨੂੰ ਸੁੰਨੀਆਂ ਥਾਵਾਂ ‘ਤੇ ਮਿਲਣ ਲਈ ਰਾਜ਼ੀ ਕਰ ਲੈਂਦਾ ਸੀ – ਜਿਵੇਂ ਕਿ ਕਿਸੇ ਫਲੈਟ ਜਾਂ ਕਾਰ ਵਿੱਚ। ਉੱਥੇ ਉਹ ਇੱਕ ਜਿੰਨ (ਇੱਕ ਅਲੌਕਿਕ ਰੂਹ) ਹੋਣ ਦਾ ਨਾਟਕ ਕਰਦਿਆਂ ਉਨ੍ਹਾਂ ਨਾਲ ਬਲਾਤਕਾਰ ਜਾਂ ਜਿਣਸੀ ਸ਼ੋਸ਼ਣ ਕਰਦਾ ਸੀ।
ਸਭ ਤੋਂ ਵੱਧ ਪੜ੍ਹਿਆ ਗਿਆ
ਖਾਨ ਅਜਿਹੀਆਂ ਗੱਡੀਆਂ ਚੁਣਦਾ ਸੀ ਜਿਨ੍ਹਾਂ ਦੀਆਂ ਖਿੜਕੀਆਂ ‘ਤੇ ਕਾਲੀ ਫਿਲਮ ਚੜ੍ਹੀ ਹੁੰਦੀ ਸੀ।
ਉਸਨੇ ਇੱਕ ਪੀੜਤ ਕੁੜੀ ਨੂੰ ਫ਼ੋਨ ਵੀ ਦਿੱਤਾ ਸੀ ਤਾਂ ਜੋ ਉਹ ਉਸ ਨਾਲ ਸੰਪਰਕ ਕਰ ਸਕੇ ਅਤੇ ਇੱਕ ਹੋਰ ਕੁੜੀ ਨੂੰ ਤਾਂ ਇਸ ਲਈ ਉਕਸਾਇਆ ਕਿ ਉਹ ਆਪਣੇ ਬੈੱਡਰੂਮ ਦੀ ਖਿੜਕੀ ਤੋਂ ਟੱਪ ਕੇ ਬਾਹਰ ਆ ਕੇ ਉਸ ਨੂੰ ਮਿਲੇ।
ਆਰੀਆ ਦੀ ਮਾਂ ਨੇ ਹੀ ਉਨ੍ਹਾਂ ਨੂੰ ਉਸ ਵੇਲੇ ਖਾਨ ਨਾਲ ਮਿਲਵਾਇਆ ਸੀ, ਜਦੋਂ ਸਕੂਲ ਵਿੱਚ ਆਰੀਆ ਨੂੰ ਕੁਝ ਪਰੇਸ਼ਾਨੀਆਂ ਆਉਣ ਲੱਗੀਆਂ ਸਨ। ਮਾਂ ਨੇ ਆਰੀਆ ਨੂੰ ਕਿਹਾ ਸੀ ਕਿ ਇਹ ਇਮਾਮ ਉਸ ਨੂੰ ਚੰਗੀ ਸਲਾਹ ਦੇਵੇਗਾ।
ਜਦੋਂ ਉਹ ਮਿਲੇ ਤਾਂ ਖਾਨ ਨੇ ਉਸ ਨੂੰ ਕਾਰ ਵਿੱਚ ਬੈਠਣ ਲਈ ਕਿਹਾ। ਆਰੀਆ ਕਹਿੰਦੀ ਹੈ, “ਉਦੋਂ ਉਸ ਨੇ ਮੈਨੂੰ ਗਲਤ ਢੰਗ ਨਾਲ ਛੂਹਿਆ।”
ਉਸ ਨੇ ਦੱਸਿਆ, “ਮੇਰੀਆਂ ਅੱਖਾਂ ਬੰਦ ਸਨ ਅਤੇ ਉਸ ਨੇ ਕਿਹਾ ਕਿ ਕੁਝ ਚੀਜ਼ਾਂ ਕਾਰ ਦੀ ਖਿੜਕੀ ਖੜਕਾਉਣਗੀਆਂ। ਪਰ ਜ਼ਾਹਿਰ ਹੈ ਮੈਂ 13 ਸਾਲ ਦੀ ਸੀ ਅਤੇ ਬਹੁਤ ਡਰੀ ਹੋਈ ਸੀ।”
54 ਸਾਲਾ ਖਾਨ ਨੂੰ ਇਨ੍ਹਾਂ ਜਿਨਸੀ ਹਮਲਿਆਂ ਕਾਰਨ ਹੁਣ ਘੱਟੋ ਘੱਟ ਵੀਹ ਸਾਲ ਦੀ ਕੈਦ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਉਸ ਦੇ ਦੋਸ਼ਾਂ ਵਿੱਚ ਬਲਾਤਕਾਰ ਦੇ ਨੌ ਮਾਮਲਿਆਂ ਤੋਂ ਇਲਾਵਾ ਜਿਨਸੀ ਸੋਸ਼ਣ ਅਤੇ ਬਾਲ ਸ਼ੋਸ਼ਣ ਦੇ ਕਈ ਮਾਮਲੇ ਹਨ ਜਿਨ੍ਹਾਂ ਵਿੱਚੋਂ ਸੱਤ ਪੀੜਤ ਸਥਾਨਕ ਮੁਸਲਿਮ ਭਾਈਚਾਰੇ ਵਿਚੋਂ ਹਨ।
ਖਾਨ ਨੇ ਆਪਣਾ ਪ੍ਰਭਾਵ ਅਤੇ ਸ਼ਕਤੀ ਵਰਤਦਿਆਂ ਪੀੜਤਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰਦਿਆਂ 2004 ਤੋਂ 2015 ਤੱਕ ਜਿਨਸੀ ਹਮਲਿਆਂ ਨੂੰ ਅੰਜਾਮ ਦਿੱਤਾ।
ਪੁਲਿਸ ਨੂੰ 2018 ਵਿੱਚ ਉਸ ਦੇ ਗੁਨਾਹਾਂ ਬਾਰੇ ਪਤਾ ਲੱਗਿਆ ਜਦੋਂ ਸਭ ਤੋਂ ਛੋਟੀ ਉਮਰ ਦੀ ਪੀੜਤ ਨੇ ਆਪਣੇ ਸਕੂਲ ਥੈਰੇਪਿਸਟ ਨੂੰ ਇਸ ਬਾਰੇ ਦੱਸਿਆ। ਉਸ ‘ਤੇ ਦੋਸ਼ ਆਇਦ ਕੀਤੇ ਜਾਣ ‘ਤੇ ਹੋਰ ਪੰਜ ਸਾਲ ਲੱਗ ਗਏ।
ਬੀਬੀਸੀ ਨੇ ਦੋ ਪੀੜਤਾਂ ਨਾਲ ਉਨ੍ਹਾਂ ਦੀ ਹੱਢਬੀਤੀ ਜਾਣਨ ਲਈ ਗੱਲਬਾਤ ਕੀਤੀ ਹੈ।
‘ਮੇਰੇ ਪਰਿਵਾਰ ਨੇ ਮੇਰੇ ‘ਤੇ ਵਿਸ਼ਵਾਸ ਨਹੀਂ ਕੀਤਾ’
ਫਾਰਾਹ (ਅਸਲੀ ਨਾਮ ਨਹੀਂ), ਬੱਚੀ ਸੀ ਜਦੋਂ ਖਾਨ ਨੂੰ ਮਿਲੀ ਜਦੋਂ ਉਸ ਨੇ ਫਾਰਾਹ ਦੀ ਮਾਂ ਨੂੰ ਯਕੀਨ ਦਵਾਇਆ ਕਿ ਉਸ ਨੂੰ ਇਲਾਜ ਦੀ ਲੋੜ ਹੈ। ਫਾਰਾਹ ਦਾ ਕਹਿਣਾ ਹੈ ਕਿ ਖਾਨ ਨੇ ਉਸ ਦੇ ਪਰਿਵਾਰ ਦਾ ਨਜਾਇਜ਼ ਫ਼ਾਇਦਾ ਚੁੱਕਿਆ।
ਉਸ ਨੇ ਦੱਸਿਆ, “ਉਹ ਮਨਘੜ੍ਹਤ ਕਹਾਣੀਆਂ ਬਣਾਉਂਦਾ ਸੀ। ਕਹਿੰਦਾ ਸੀ ਮੈਂ ਕੁਝ ਚੀਜ਼ਾਂ ਤੁਹਾਡੇ ਵੱਲ ਆਉਂਦੀਆਂ ਦੇਖ ਸਕਦਾ ਹਾਂ, ਤੁਹਾਨੰ ਸੁਰੱਖਿਅਤ ਰਹਿਣ ਦੀ ਲੋੜ ਹੈ, ਮੈਨੂੰ ਤੁਹਾਡੀ ਧੀ ਦੀ ਰੱਖਿਆ ਕਰਨੀ ਪਵੇਗੀ।”
ਖਾਨ ਨੇ ਫਾਰਾਹ ਦਾ ਜਿਨਸੀ ਸ਼ੋਸ਼ਣ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਕਹਿੰਦਾ ਰਿਹਾ ਕਿ ਇਹ ਇਲਾਜ ਦਾ ਹੀ ਹਿੱਸਾ ਹੈ।
ਉਹ ਕਹਿੰਦੀ ਹੈ ਕਿ ਖਾਨ ਦਾ ਸ਼ੋਸ਼ਣ, ”ਮੇਰੀ ਸਮਝ ਤੋਂ ਬਾਹਰ ਸੀ। ਮੈਂ ਖੁਦ ਨੂੰ ਕਹਿੰਦੀ ਸੀ ਇਹ ਗਲਤ ਹੈ। ਤੁਸੀਂ ਜਾਣਦੇ ਹੋ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਛੂਹਿਆ ਜਾਣਾ ਚਾਹੀਦਾ। ਮੈਂ ਬਹੁਤ ਦੁਚਿੱਤੀ ਵਿੱਚ ਸੀ ਪਰ ਮੈਂ ਆਪਣੇ ਪਰਿਵਾਰ ਕੋਲ ਨਹੀਂ ਜਾ ਸਕਦੀ ਸੀ ਕਿਉਂਕਿ ਉਨ੍ਹਾਂ ਨੇ ਮੇਰਾ ਯਕੀਨ ਨਹੀਂ ਸੀ ਕਰਨਾ।”
ਥੋੜ੍ਹੀ ਵੱਡੀ ਹੋਈ ਤਾਂ ਫਾਰਾਹ ਨੇ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ- ਪਰ ਉਹ ਕਹਿੰਦੀ ਹੈ ਕਿ ਪਰਿਵਾਰ ਨੇ ਉਸ ‘ਤੇ ਵਿਸ਼ਵਾਸ ਨਹੀਂ ਕੀਤਾ ਅਤੇ ਫਿਰ ਉਸ ਨੇ ਘਰ ਛੱਡ ਦਿੱਤਾ।
ਉਹ ਕਹਿੰਦੀ ਹੈ, “ਮੇਰੇ ਪਰਿਵਾਰ ਨੇ ਮੇਰੇ ‘ਤੇ ਯਕੀਨ ਨਹੀਂ ਕੀਤਾ। ਜਿਨ੍ਹਾਂ ਲੋਕਾਂ ਤੋਂ ਮੈਨੂੰ ਮੇਰੀ ਸੁਰੱਖਿਆ ਅਤੇ ਸਹਿਯੋਗ ਦੀ ਉਮੀਦ ਸੀ ਉਨ੍ਹਾਂ ਨੇ ਮੂੰਹ ਮੋੜ ਲਿਆ ਅਤੇ ਮੈਨੂੰ ਦੋਸ਼ ਦਿੱਤਾ ਅਤੇ ਅਜਿਹਾ ਅੱਜ ਤੱਕ ਹੋ ਰਿਹਾ ਹੈ।”
“ਮੈਂ ਮਹਿਸੂਸ ਕਰਦੀ ਹਾਂ ਜਿਵੇਂ ਗਵਾਚ ਗਈ ਹੋਵਾਂ। ਮੈਂ ਸਵਾਲ ਕਰਦੀ ਹਾਂ ਕਿ ਮੈਂ ਕੌਣ ਹਾਂ ? ਮੈਂ ਕਿੱਥੋਂ ਦੀ ਹਾਂ ? ”
‘ਡਰਾਇਆ ਧਮਕਾਇਆ ਅਤੇ ਮਾਨਸਿਕ ਤੌਰ ‘ਤੇ ਕਾਬੂ ਕੀਤਾ’
ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਲਈ ਇਸ ਕੇਸ ‘ਤੇ ਕੰਮ ਕਰਨ ਵਾਲੀ ਸਰਕਾਰੀ ਵਕੀਲ ਮੇਲੀਆਂ ਗਾਰਨਰ ਨੇ ਕਿਹਾ ਕਿ ਉਸ ਨੇ ਅੱਲ੍ਹੜ ਕੁੜੀਆਂ ਅਤੇ ਮਹਿਲਾਵਾਂ ਨਾਲ ਖਾਨ ਵੱਲੋਂ ਕੀਤੇ ਸ਼ੋਸ਼ਣ ਜਿਹਾ ਮਾਮਲਾ ‘ਪਹਿਲਾਂ ਕਦੇ ਨਹੀਂ ਦੇਖਿਆ’।
ਉਨ੍ਹਾਂ ਦੱਸਿਆ ਕਿ ਖਾਨ ਨੇ ਆਪਣੀਆਂ ਪੀੜਤਾਂ ਨੂੰ ਧਮਕਾਇਆ ਅਤੇ ਮਾਨਸਿਕ ਤੌਰ ‘ਤੇ ਉਨ੍ਹਾਂ ਨੂੰ ਕਾਬੂ (ਬ੍ਰੇਨਵਾਸ਼) ਕੀਤਾ ਤਾਂ ਜੋ ਉਹ ਇਹ ਮੰਨ ਲੈਣ ਕਿ ਉਨ੍ਹਾਂ ‘ਤੇ ਕਿਸੇ ਪ੍ਰੇਤ ਆਤਮਾ ਦਾ ਸਾਇਆ ਸੀ। ਗਾਰਨਰ ਨੇ ਕਿਹਾ, “ਇਹ ਬਹੁਤ ਹੈਰਾਨ ਕਰ ਦੇਣ ਵਾਲਾ ਸੀ ਅਤੇ ਜਦੋਂ ਤੁਸੀਂ ਅਸਲ ਵਿੱਚ ਪੀੜਤਾਂ ਦੇ ਬਿਆਨ ਅਤੇ ਸਬੂਤ ਦੇਖਦੇ ਹੋ ਤਾਂ ਇਹ ਬੇਹੱਦ ਪਰੇਸ਼ਾਨ ਕਰਨ ਵਾਲਾ ਹੈ।”
ਯੂਨੀਵਰਸਿਟੀ ਆਫ ਬ੍ਰਿਸਟਲ ਵਿੱਚ ਕ੍ਰਿਮੀਨੋਲੋਜੀ ਦੀ ਪ੍ਰੋਫੈਸਰ ਅਤੇ ਕੇਸ ਦੇ ਧਾਰਮਿਕ ਪਿਛੋਕੜ ‘ਤੇ ਗਵਾਹੀ ਦੇਣ ਵਾਲੀ ਇੱਕ ਮਾਹਿਰ ਸਰਕਾਰੀ ਗਵਾਹ ਆਇਸ਼ਾ ਕੇ.ਗਿੱਲ ਦਾ ਕਹਿਣਾ ਹੈ ਕਿ ਭਾਵੇਂ ਕੱਟੜਪੰਥੀ ਇਸਲਾਮੀ ਸਿੱਖਿਆਵਾਂ ਕਾਲੇ ਜਾਦੂ ਦਾ ਸਮਰਥਨ ਨਹੀਂ ਕਰਦੀਆਂ, ਫਿਰ ਵੀ ਸਮਾਜ ਵਿੱਚ ਇਸ ਦਾ ਡੂੰਘਾ ਸੱਭਿਆਚਾਰਕ ਪ੍ਰਭਾਵ ਬਣਿਆ ਹੋਇਆ ਹੈ।
ਪ੍ਰੋਫੈਸਰ ਗਿੱਲ ਨੇ ਅੱਗੇ ਕਿਹਾ, “ਪੀੜਤਾਂ ਨੂੰ ਯਕੀਨ ਦਵਾਇਆ ਗਿਆ ਸੀ ਕਿ ਸਿਰਫ਼ ਖਾਨ ਹੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੂਹਾਨੀ ਸ਼ਕਤੀਆਂ ਦੇ ਭਿਆਨਕ ਨੁਕਸਾਨ ਤੋਂ ਬਚਾ ਸਕਦਾ ਹੈ ਅਤੇ ਜੇਕਰ ਉਹ ਉਸ ਦੇ ਕਾਬੂ ਤੋਂ ਬਾਹਰ ਹੋਣਗੀਆਂ ਤਾਂ ਉਨ੍ਹਾਂ ਨੂੰ ਵਿਨਾਸ਼ਕਾਰੀ ਨਤੀਜੇ ਭੁਗਤਣੇ ਪੈਣਗੇ।”
ਉਨ੍ਹਾਂ ਦਾ ਕਹਿਣਾ ਹੈ ਕਿ ਜਿਨਸੀ ਹਿੰਸਾ ਦਾ ਖੁਲਾਸਾ ਕਰਨਾ ਮੁਸਲਿਮ ਔਰਤਾਂ ਲਈ ਬਹੁਤ ਵੱਡੇ ਖਤਰੇ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ, “ਕਈ ਔਰਤਾਂ ਨੂੰ ਸਮਾਜਿਕ ਤੌਰ ‘ਤੇ ਇਹ ਸਿਖਾਇਆ ਜਾਂਦਾ ਹੈ ਕਿ ਉਹ ਨਿੱਜੀ ਮਾਮਲਿਆਂ ਬਾਰੇ ਪਰਿਵਾਰ ਤੋਂ ਬਾਹਰ ਚਰਚਾ ਨਾ ਕਰਨ ਅਤੇ ਉਹ ਉਸ ਸ਼ਰਮ ਨੂੰ ਆਪਣੇ ਅੰਦਰ ਦਬਾ ਲੈਂਦੀਆਂ ਹਨ ਜੋ ਕਿ ਅਸਲ ਵਿੱਚ ਦੋਸ਼ੀ ਨੂੰ ਆਉਣੀ ਚਾਹੀਦੀ ਹੈ।”
ਉਹ ਕਹਿੰਦੀ ਹੈ, “ਧਾਰਮਿਕ ਅਥਾਰਟੀ, ਰੂਹਾਨੀ ਡਰ ਅਤੇ ਸੱਭਿਆਚਾਰਕ ਕਮਜ਼ੋਰੀ ਦਾ ਇਹ ਸੁਮੇਲ ਹੀ ਇਸ ਮਾਮਲੇ ਨੂੰ ਵਿਸ਼ੇਸ਼ ਰੂਪ ਵਿੱਚ ਵੱਖਰਾ ਅਤੇ ਗੰਭੀਰ ਬਣਾਉਂਦਾ ਹੈ।”
ਫਾਰਾਹ ਕਹਿੰਦੀ ਹੈ ਕਿ ਉਸ ਦਾ ਬਚਪਨ ਆਮ ਬੱਚਿਆਂ ਜਿਹਾ ਨਹੀਂ ਰਿਹਾ, ਉਸ ਨੇ ਬਰਦਾਸ਼ਤ ਕਰਨਾ ਹੀ ਸਿੱਖਿਆ।
ਸ਼ੋਸ਼ਣ ਦਾ ਸ਼ਿਕਾਰ ਹੋਏ ਹੋਰ ਪੀੜਤਾਂ ਨੂੰ ਉਹ ਸੁਨੇਹਾ ਦਿੰਦੀ ਹੈ ਕਿ ਉਨ੍ਹਾਂ ਦੀ ਹੋਂਦ ਇਸ ਨਾਲ ਤੈਅ ਨਹੀਂ ਹੁੰਦੀ ਕਿ ਉਨ੍ਹਾਂ ਨਾਲ ਕੀ ਸਲੂਕ ਹੋਇਆ ਹੈ ਅਤੇ ਉਹ ਇਸ ਲੜਾਈ ਵਿੱਚ ਇਕੱਲੇ ਨਹੀਂ ਹਨ।
ਉਹ ਕਹਿੰਦੀ ਹੈ, ” ਅਜਿਹੇ ਹਾਲਾਤ ਵਿੱਚੋਂ ਬਚ ਕੇ ਨਿਕਲਣਾ ਤੁਹਾਨੂੰ ਕਮਜ਼ੋਰ ਨਹੀਂ ਬਣਾਉਂਦਾ, ਤੁਹਾਡੀ ਮਜ਼ਬੂਤੀ ਦਰਸਾਉਂਦਾ ਹੈ।”
ਭਾਵੇਂ ਆਰੀਆ ਕਿਸ਼ੋਰ ਉਮਰ ਵਿੱਚ ਸੀ ਜਦੋਂ ਉਸ ਦਾ ਸ਼ੋਸ਼ਣ ਹੋਇਆ ਪਰ ਉਹ ਆਪਣੇ ਵੀਹਵਿਆਂ ਤੱਕ ਵੀ ਆਪਣੀ ਮਾਂ ਨੂੰ ਇਸ ਬਾਰੇ ਨਹੀਂ ਦੱਸ ਸਕੀ।
ਉਹ ਕਹਿੰਦੀ ਹੈ ਕਿ ਉਸ ਜਿਨਸੀ ਹਮਲੇ ਦਾ ਉਸ ‘ਤੇ ਕਦੇ ਨਾ ਖਤਮ ਹੋਣ ਵਾਲਾ ਪ੍ਰਭਾਵ ਪਿਆ ਹੈ।
“ਕਈ ਵਾਰ ਤੁਸੀਂ ਸਵਾਲ ਕਰਦੇ ਹੋ, ਮੈਂ ਇੱਕ ਇਨਸਾਨ ਵਜੋਂ ਕਿਹੋ ਜਿਹੀ ਹੋਣਾ ਸੀ ਜੇ ਇਹ ਸਭ ਮੇਰੇ ਨਾਲ ਨਾ ਹੋਇਆ ਹੁੰਦਾ ?”