ਓਮਾਨ ਦੇ ਤਟ ਦੇ ਨੇੜੇ ਇਕ ਭਾਰਤੀ ਝੰਡੇ ਵਾਲੇ ਮਾਲਵਾਹਕ ਜਹਾਜ਼ ਨਾਲ ਘਟਨਾ ਵਾਪਰੀ ਹੈ, ਜਿਸ ਤੋਂ ਬਾਅਦ ਜਹਾਜ਼ ਡੁੱਬ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ‘ਤੇ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਜਹਾਜ਼ ‘ਤੇ ਮੌਜੂਦ ਸਾਰੇ ਭਾਰਤੀ ਕ੍ਰੂ ਮੈਂਬਰ ਸੁਰੱਖਿਅਤ ਹਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਓਮਾਨ ਪ੍ਰਸ਼ਾਸਨ ਦੀ ਮਦਦ ਨਾਲ ਜਹਾਜ਼ ‘ਤੇ ਸਵਾਰ ਸਾਰੇ 14 ਭਾਰਤੀ ਕ੍ਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਉਨ੍ਹਾਂ ਨੇ ਵਪਾਰਕ ਜਹਾਜ਼ਾਂ ਅਤੇ ਮਲਾਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੀ ਪ੍ਰਗਟਾਈ।
ਭਾਰਤ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਅਨੁਸਾਰ, “ਹਾਜੀ ਅਲੀ” ਨਾਮ ਦਾ ਇਹ ਜਹਾਜ਼ ਸੋਮਾਲੀਆ ਤੋਂ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਵੱਲ ਜਾ ਰਿਹਾ ਸੀ। ਮੰਤਰਾਲੇ ਨੇ ਦੱਸਿਆ ਕਿ 13 ਮਈ 2026 ਦੀ ਸਵੇਰ ਓਮਾਨ ਦੇ ਸਮੁੰਦਰੀ ਖੇਤਰ ਵਿੱਚ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਤੋਂ ਬਾਅਦ ਉਹ ਡੁੱਬ ਗਿਆ।
ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਦੱਸਿਆ ਕਿ ਓਮਾਨ ਕੋਸਟ ਗਾਰਡ ਨੇ ਤੁਰੰਤ ਰਾਹਤ ਕਾਰਵਾਈ ਕਰਦਿਆਂ ਸਾਰੇ ਕ੍ਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਕੇ ਡਿੱਬਾ ਪੋਰਟ ਪਹੁੰਚਾਇਆ।
ਸਮੁੰਦਰੀ ਸੁਰੱਖਿਆ ਏਜੰਸੀਆਂ ਦੇ ਅਨੁਸਾਰ, ਇਹ ਜਹਾਜ਼ ਓਮਾਨ ਦੇ ਲੀਮਾਹ ਤਟ ਦੇ ਨੇੜੇ ਸੀ, ਜਿੱਥੇ ਘਟਨਾ ਵਾਪਰੀ। ਕੁਝ ਰਿਪੋਰਟਾਂ ਵਿੱਚ ਧਮਾਕੇ ਦੀ ਗੱਲ ਵੀ ਕਹੀ ਗਈ ਹੈ, ਹਾਲਾਂਕਿ ਘਟਨਾ ਦੇ ਅਸਲ ਕਾਰਣਾਂ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ।
ਭਾਰਤੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਮਾਮਲੇ ‘ਤੇ ਸੰਬੰਧਿਤ ਏਜੰਸੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਖਾੜੀ ਖੇਤਰ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਚਿੰਤਾਵਾਂ ਵਧੀਆਂ ਹਨ। ਅਜਿਹੀਆਂ ਘਟਨਾਵਾਂ ਕਾਰਨ ਸਮੁੰਦਰੀ ਆਵਾਜਾਈ ਅਤੇ ਵਪਾਰਕ ਰਸਤਿਆਂ ‘ਤੇ ਵੀ ਪ੍ਰਭਾਵ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।